Deuteronomy 12

1ਇਹ ਉਹ ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਸਾਰੇ ਜੀਵਨ ਅਰਥਾਤ ਜਦੋਂ ਤੱਕ ਤੁਸੀਂ ਜੀਉਂਦੇ ਰਹੋਗੇ, ਉਸ ਦੇਸ਼ ਵਿੱਚ ਪੂਰਾ ਕਰਨਾ ਹੈ, ਜਿਹੜਾ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ । 2ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਨ੍ਹਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ, ਤੁਸੀਂ ਉਨ੍ਹਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ਼ ਕਰਨਾ ਹੈ ।

3ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਣਾ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦੇਣਾ, ਉਹਨਾਂ ਦੀ ਅਸੇਰਾਹ ਦੇਵੀ ਦੀਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਮੂਰਤਾਂ ਨੂੰ ਤੋੜ ਸੁੱਟਣਾ ਅਤੇ ਉਹਨਾਂ ਦਾ ਨਾਮ ਉਸ ਦੇਸ਼ ਵਿੱਚੋਂ ਮਿਟਾ ਦੇਣਾ । 4ਜਿਵੇਂ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਨਾ ਕਰਨਾ ।

5ਪਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਗੋਤਾਂ ਦੇ ਵਿੱਚੋਂ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਸੀਂ ਉਸ ਦੇ ਉਸੇ ਡੇਰੇ ਨੂੰ ਭਾਲਣਾ ਅਤੇ ਉੱਥੇ ਹੀ ਜਾਇਆ ਕਰਨਾ । 6ਉੱਥੇ ਹੀ ਤੁਸੀਂ ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਣਾ ਦੀਆਂ ਭੇਟਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ ਅਤੇ ਆਪਣੇ ਚੌਣਿਆਂ ਅਤੇ ਇੱਜੜਾਂ ਦੇ ਪਹਿਲੌਠੇ ਲੈ ਕੇ ਜਾਇਆ ਕਰਨਾ,

7ਅਤੇ ਉੱਥੇ ਹੀ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਆ ਕਰਨਾ ਅਤੇ ਆਪਣੇ-ਆਪਣੇ ਘਰਾਣੇ ਸਮੇਤ ਆਪਣੇ ਹੱਥਾਂ ਦੇ ਹਰੇਕ ਕੰਮ ਦੇ ਕਾਰਨ, ਜਿਸ ਉੱਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਖੁਸ਼ੀ ਮਨਾਇਓ ।

8ਉੱਥੇ ਤੁਸੀਂ ਅਜਿਹਾ ਕੋਈ ਕੰਮ ਨਾ ਕਰਨਾ ਜਿਵੇਂ ਅਸੀਂ ਇੱਥੇ ਕਰਦੇ ਹਾਂ, ਅਰਥਾਤ ਜੋ ਕੁਝ ਜਿਸ ਨੂੰ ਠੀਕ ਲਗਦਾ ਹੈ, ਉਹ ਉਹੀ ਕਰਦਾ ਹੈ । 9ਕਿਉਂ ਜੋ ਤੁਸੀਂ ਹੁਣ ਤੱਕ ਉਸ ਅਰਾਮ ਦੇ ਸਥਾਨ ਵਿੱਚ ਨਹੀਂ ਪਹੁੰਚੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ ।

10ਜਦ ਤੁਸੀਂ ਯਰਦਨ ਪਾਰ ਜਾ ਕੇ ਉਸ ਦੇਸ਼ ਵਿੱਚ ਵੱਸ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਅਰਾਮ ਦੇਵੇ ਤਾਂ ਜੋ ਤੁਸੀਂ ਸ਼ਾਂਤੀ ਨਾਲ ਵੱਸ ਜਾਓ, 11ਤਦ ਤੁਸੀਂ ਉਸ ਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਮਨ ਭਾਉਂਦੀਆਂ ਸੁੱਖਣਾ ਦੀਆਂ ਭੇਟਾਂ, ਜਿਹੜੀਆਂ ਤੁਸੀਂ ਯਹੋਵਾਹ ਲਈ ਸੁੱਖੀਆਂ ਹਨ, ਅਰਥਾਤ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਉਹ ਸਭ ਕੁਝ ਲਿਆਇਆ ਕਰਨਾ ।

12ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਦਾਸ, ਤੁਹਾਡੀਆਂ ਦਾਸੀਆਂ ਸਭ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਨੰਦ ਕਰਨ ਅਤੇ ਉਹ ਲੇਵੀ ਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ ।

13ਖ਼ਬਰਦਾਰ ਰਹੋ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਨੂੰ ਚੰਗਾ ਲੱਗੇ, ਉੱਥੇ ਨਾ ਚੜ੍ਹਾਇਓ, 14ਪਰ ਉਸ ਸਥਾਨ ਵਿੱਚ ਹੀ ਜਿਹੜਾ ਯਹੋਵਾਹ ਤੁਹਾਡੇ ਕਿਸੇ ਗੋਤ ਵਿੱਚੋਂ ਚੁਣੇ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਚੜ੍ਹਾਇਓ ਅਤੇ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ, ਉੱਥੇ ਉਹ ਹੀ ਕਰਿਓ ।

15ਪਰ ਤੁਸੀਂ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਤੇ ਉਸ ਬਰਕਤ ਦੇ ਅਨੁਸਾਰ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ, ਪਸ਼ੂ ਨੂੰ ਵੱਢ ਕੇ ਖਾਇਓ । ਸ਼ੁੱਧ ਅਤੇ ਅਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ, ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ । 16ਪਰ ਉਸ ਦਾ ਲਹੂ ਤੁਸੀਂ ਨਾ ਖਾਣਾ, ਉਸ ਨੂੰ ਪਾਣੀ ਦੀ ਤਰ੍ਹਾਂ ਭੂਮੀ ਉੱਤੇ ਡੋਲ੍ਹ ਦੇਣਾ ।

17ਪਰ ਤੁਸੀਂ ਆਪਣਾ ਅੰਨ, ਨਵੀਂ ਮਧ, ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ, ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ, ਖੁਸ਼ੀ ਦੀਆਂ ਭੇਟਾਂ ਅਤੇ ਚੁੱਕਣ ਦੀਆਂ ਭੇਟਾਂ ਨੂੰ ਆਪਣੇ ਫਾਟਕਾਂ ਦੇ ਅੰਦਰ ਕਦੇ ਵੀ ਨਾ ਖਾਣਾ,

18ਪਰ ਉਨ੍ਹਾਂ ਨੂੰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ, ਆਪਣੇ ਪੁੱਤਰਾਂ, ਧੀਆਂ, ਆਪਣੇ ਦਾਸ-ਦਾਸੀਆਂ ਅਤੇ ਉਸ ਲੇਵੀ ਸਮੇਤ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਉਸ ਸਥਾਨ ਵਿੱਚ ਖਾਣਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਪਣੇ ਹੱਥ ਦੇ ਸਾਰੇ ਕੰਮਾਂ ਲਈ ਅਨੰਦ ਕਰਨਾ । 19ਸਾਵਧਾਨ ਰਹੋ ਕਿ ਜਦ ਤੱਕ ਤੁਸੀਂ ਆਪਣੀ ਭੂਮੀ ਉੱਤੇ ਜੀਉਂਦੇ ਹੋ, ਤਦ ਤੱਕ ਤੁਸੀਂ ਲੇਵੀ ਨੂੰ ਕਦੀ ਨਾ ਭੁੱਲਿਓ ।

20ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ, ਅਤੇ ਤੁਸੀਂ ਆਖੋ ਕਿ ਅਸੀਂ ਮਾਸ ਖਾਵਾਂਗੇ ਕਿਉਂ ਜੋ ਤੁਹਾਡਾ ਜੀਅ ਮਾਸ ਖਾਣ ਨੂੰ ਲੋਚਦਾ ਹੈ, ਤਦ ਤੁਸੀਂ ਆਪਣੇ ਮਨ ਦੀ ਸਾਰੀ ਇੱਛਾ ਦੇ ਅਨੁਸਾਰ ਮਾਸ ਖਾਇਓ ।

21ਪਰ ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ, ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਹੋਵਾਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲਿਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ । 22ਜਿਵੇਂ ਚਿਕਾਰੇ ਅਤੇ ਹਿਰਨ ਦਾ ਮਾਸ ਖਾਈਦਾ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਖਾਇਓ, ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ ।

23ਪਰ ਉਨ੍ਹਾਂ ਦਾ ਲਹੂ ਕਦੇ ਵੀ ਨਾ ਖਾਇਓ, ਕਿਉਂ ਜੋ ਲਹੂ ਹੀ ਜੀਵਨ ਹੈ । ਤੁਸੀਂ ਮਾਸ ਦੇ ਨਾਲ ਜੀਵਨ ਨੂੰ ਨਾ ਖਾਇਓ 24ਤੁਸੀਂ ਉਸ ਨੂੰ ਨਾ ਖਾਇਓ । ਤੁਸੀਂ ਉਸ ਨੂੰ ਧਰਤੀ ਉੱਤੇ ਪਾਣੀ ਵਾਂਗੂੰ ਡੋਲ੍ਹ ਦੇਣਾ । 25ਤੁਸੀਂ ਉਸ ਨੂੰ ਨਾ ਖਾਇਓ ਤਾਂ ਜੋ ਇਹ ਕੰਮ ਕਰਨ ਨਾਲ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਠੀਕ ਹੈ, ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ।

26ਪਰ ਆਪਣੀਆਂ ਪਵਿੱਤਰ ਵਸਤੂਆਂ, ਜਿਹੜੀਆਂ ਤੁਹਾਡੇ ਕੋਲ ਹਨ ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ ਲੈ ਕੇ ਤੁਸੀਂ ਉਸ ਸਥਾਨ ਨੂੰ ਜਾਇਓ, ਜਿਹੜਾ ਯਹੋਵਾਹ ਚੁਣੇਗਾ 27ਤੁਸੀਂ ਆਪਣੀਆਂ ਹੋਮ ਬਲੀਆਂ ਦੇ ਮਾਸ ਅਤੇ ਲਹੂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਚੜ੍ਹਾਇਓ ਪਰ ਸੁੱਖ-ਸਾਂਦ ਦੀਆਂ ਬਲੀਆਂ ਦੇ ਲਹੂ ਉਸਦੀ ਜਗਵੇਦੀ ਉੱਤੇ ਡੋਲ੍ਹ ਦੇਣਾ ਅਤੇ ਮਾਸ ਨੂੰ ਤੁਸੀਂ ਖਾ ਲੈਣਾ ।

28ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਸੁਣੋ ਅਤੇ ਮੰਨੋ ਤਾਂ ਜੋ ਤੁਸੀਂ ਉਹ ਕੰਮ ਕਰੋ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੋਵੇ ਅਤੇ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ ।

29ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ, ਜਿਨ੍ਹਾਂ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਸੀਂ ਉਹਨਾਂ ਉੱਤੇ ਕਾਬੂ ਪਾ ਕੇ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ, 30ਤਾਂ ਸਾਵਧਾਨ ਰਹਿਣਾ, ਅਜਿਹਾ ਨਾ ਹੋਵੇ ਕਿ ਜਦ ਉਹ ਤੁਹਾਡੇ ਅੱਗਿਓਂ ਨਾਸ਼ ਕਰ ਦਿੱਤੇ ਜਾਣ ਤਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਵੀ ਫਸ ਜਾਓ ਅਰਥਾਤ ਉਹਨਾਂ ਦੇ ਦੇਵਤਿਆਂ ਦੇ ਬਾਰੇ ਇਹ ਨਾ ਪੁੱਛਿਓ ਕਿ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ ਤਾਂ ਜੋ ਅਸੀਂ ਵੀ ਇਸੇ ਤਰ੍ਹਾਂ ਹੀ ਕਰੀਏ ।

31ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਜਿਹਾ ਨਾ ਕਰਨਾ, ਕਿਉਂਕਿ ਉਹ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਘਿਣ ਕਰਦਾ ਹੈ, ਉਹਨਾਂ ਨੇ ਆਪਣੇ ਦੇਵਤਿਆਂ ਦੇ ਲਈ ਕੀਤੇ ਹਨ, ਕਿਉਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ । ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਤੁਸੀਂ ਉਨ੍ਹਾਂ ਦੀ ਪਾਲਣਾ ਕਰਿਓ, ਨਾ ਤਾਂ ਉਸ ਵਿੱਚ ਕੁਝ ਵਧਾਇਓ ਅਤੇ ਨਾ ਹੀ ਉਸ ਵਿੱਚੋਂ ਕੁਝ ਘਟਾਇਓ ।

32

Copyright information for PanULB